ਬਰਤਾਨੀਆ ਵਿਚ ਰਹਿ ਕੇ ਬੰਦਾ ਆਪਣੀ ਨਿੱਜੀ ਥਾਂ (ਸਪੇਸ)/ਜ਼ਿੰਦਗੀ, ਇਕਾਂਤ/ਓਟ ਨੂੰ ਮਾਣ ਕੇ ਖ਼ੁਸ਼ੀ ਲੈਂਦਾ ਹੈ। ਤੁਸੀਂ ਚਾਹੋ ਤਾਂ ਕੋਈ ਦੂਸਰਾ ਤੁਹਾਡੀ ਨਿੱਜੀ ਜ਼ਿੰਦਗੀ ਵਿਚ ਦਖ਼ਲਅੰਦਾਜ਼ੀ ਨਹੀਂ ਕਰ ਸਕਦਾ। ਤੁਸੀਂ ਕੀ ਖਾਂਦੇ-ਪੀਂਦੇ ਹੋ, ਕੀਹਨੂੰ ਮਿਲਦੇ ਹੋ, ਕੀਹਦੇ ਨਾਲ ਤੁਹਾਡਾ ਕੀ ਵਾਸਤਾ ਹੈ, ਇਹ ਕਿਸੇ ਦੂਜੇ ਦੇ ਜਾਣਨ/ਪੁੱਛਣ ਦੀ ਗੱਲ ਨਹੀਂ। ਭਾਰਤ ਵਿਚ ਤੁਹਾਡੀ ਜ਼ਿੰਦਗੀ ਵਿਚ ਦੂਜਿਆਂ ਦੀ ਦਖ਼ਲਅੰਦਾਜ਼ੀ ਬਹੁਤ ਹੈ। ਸਮਾਜ, ਗੁਆਂਢੀਆਂ, ਰਿਸ਼ਤੇਦਾਰਾਂ ਦੀ। ਲੋਕ ਆਪ ਜੋ ਮਰਜ਼ੀ ਕਰੀ ਜਾਣ, ਪਰ ਤੁਹਾਡੇ ‘ਤੇ ਕਿੰਤੂ-ਪ੍ਰੰਤੂ ਕਰਨਾ ਨਹੀਂ ਛੱਡਦੇ। ਧਰਮ, ਸਿਆਸਤ ਅਤੇ ਅਖੌਤੀ ਨੈਤਿਕਤਾ ਤੁਹਾਡੀ ਜ਼ਿੰਦਗੀ ਵਿਚ ਖਲਲ ਪਾ ਸਕਦੀ ਹੈ।